ਪੰਚਕੂਲਾ: ਅੱਜ 8ਵੇਂ ਦਿਨ ਵੀ ਰਾਏਪੁਰਰਾਣੀ ਦੇ ਇਲਾਕੇ ਦੇ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਾਰੇ ਜਾਣ ਦਾ ਕੰਮ ਤੇਜੀ ਨਾਲ ਜਾਰੀ ਰਿਹਾ। ਰਾਏਪੁਰਰਾਣੀ ਏਰੀਏ ਵਿੱਚ ਹੁਣ ਤੱਕ 2000 ਅੰਡੇ ਨਸ਼ਟ ਕੀਤੇ ਗਏ ਹਨ ਜਦ ਕਿ 69878 ਮੁਰਗੀਆਂ ਨੂੰ ਮਾਰਿਆ ਗਿਆ। ਸਭ ਤੋਂ ਪਹਿਲਾਂ ਬਰਵਾਲਾ ਦੇ 10 ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਾਰਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ ਵਿੱਚ ਰੈਪਿਡ ਰਿਸਪਾਂਸ਼ ਟੀਮ ਨੇ ਅੱਜ ਮੁਰਗੀਆਂ ਨੂੰ ਮਾਰ ਕੇ ਵੱਡੇ ਟੋਏ ਵਿੱਚ ਦਬਾ ਦਿੱਤਾ।
ਇਸ ਟੀਮ ਤੇ ਨਾਇਬ ਤਹਿਸੀਲਦਾਰ ਬਰਵਾਲਾ, ਐੱਸਡੀਐਮ ਪੰਚਕੂਲਾ, ਜ਼ਿਲ੍ਹਾ ਵਿਕਾਸ ਪੰਚਾਇਤ ਅਧਿਕਾਰੀ ਅਤੇ ਪਸ਼ੂ ਪਾਲਣ ਦੇ ਕਈ ਅਧਿਕਾਰੀ ਸ਼ਾਮਲ ਹੋਏ। ਬਰਡ ਫਲੂ ਨੂੰ ਦੇਖਦੇ ਹੋਏ ਟਾਸਕ ਫੋਰਸ ਟੀਮ ਵੀ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਪੰਚਕੂਲਾ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ 40 ਰੈਪਿਡ ਰਿਸਪਾਂਸ ਟੀਮਾਂ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਾਰਨ ਦਾ ਕੰਮ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿਸੇ ਵੀ ਬਾਹਰੀ ਵਿਅਕਤੀ ਦੀ ਪੋਲਟਰੀ ਫਾਰਮਾਂ ਵਿੱਚ ਆਉਣ ਜਾਣ ਦੀ ਸਖ਼ਤ ਮਨਾਹੀ ਹੈ। ਟਾਸਕ ਫੋਰਸ ਦੀਆਂ ਟੀਮਾਂ ਨੂੰ ਕੁਆਰਟੀਨ ਕੀਤਾ ਗਿਆ ਹੈ।