ਪੰਚਕੂਲਾ: ਪੰਚਕੂਲਾ ਦੇ ਐੱਸਬੀਆਈ ਜੌਨਲ ਦਫ਼ਤਰ ਦੇ ਬਾਹਰ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਬੈਂਕਾਂ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕੀਤਾ ਗਿਆ। ਯੂਨਾਇਟੇਡ ਫੌਰਮ ਆਫ਼ ਬੈਂਕ ਯੂਨੀਅਨ ਵੱਲੋਂ ਅੱਜ ਇਸ ਪ੍ਰਦਰਸ਼ਨ ਨੂੰ ਯੂਨੀਅਨ ਦੇ ਕੰਵੀਨਰ ਸੰਜੀਵ ਬਿੰਦਲਿਸ਼ ਅਤੇ ਯੂਨੀਅਨ ਦੇ ਨੇਤਾ ਹਰਵਿੰਦਰ ਸਿੰਘ, ਦੀਪਕ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਦਸ ਲੱਖ ਤੋਂ ਵੱਧ ਕਰਮਚਾਰੀਆਂ ਨੇ ਇਹ ਹੜਤਾਲ ਵਿੱਚ ਹਿੱਸਾ ਲਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਰਕਾਰ ਬੈਂਕਾਂ ਦਾ ਨਿੱਜੀਕਰਣ ਕਰਕੇ ਬੈਂਕਾਂ ਨੂੰ ਪ੍ਰਾਇਵੇਟ ਧਨਾਢ ਲੋਕਾਂ ਦੇ ਹੱਥਾਂ ਵਿੱਚ ਦੇ ਰਹੀ ਹੈ ਅਤੇ ਇਹ ਹੜਤਾਲ ਇਸ ਲਈ ਹੈ ਕਿ ਦੇਸ ਦੀ ਸੰਪਤੀ ਪ੍ਰਾਇਵੇਟ ਅਦਾਰਿਆਂ ਦੇ ਹੱਥਾਂ ਵਿੱਚ ਨਾ ਜਾ ਸਕੇ।ਯੂਨਾਇਟੇਡ ਫੌਰਮ ਆਫ ਬੈਂਕ ਯੂਨੀਅਨ ਸਰਕਾਰ ਦੇ ਖਿਲਾਫ਼ ਲੜਾਈ ਜਾਰੀ ਰੱਖੇਗੀ।
ਉਹਨਾਂ ਕਿਹਾ ਕਿ ਸਰਕਾਰ ਦੀ ਇਸ ਸੋਚ ਨੂੰ ਲੈ ਕੇ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ। ਇਸ ਮੌਕੇ ਤੇ ਦੀਪਕ ਸ਼ਰਮਾ, ਸੰਜੈ ਸ਼ਰਮਾ, ਸੁਦੇਸ਼ ਵਸ਼ਿਸ਼ਟ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਸ਼ਟਰਕ੍ਰਿਤ ਬੈਂਕਾਂ ਵਿੱਚ ਸਧਾਰਨ ਅਤੇ ਮੱਧ ਵਰਗ ਦੇ ਪੈਸੇ ਜਮ੍ਹਾਂ ਹੁੰਦੇ ਹਨ, ਉਹਨਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣੇ ਲੋੜੀਂਦੇ ਵਪਾਰ ਨੂੰ ਅੱਗੇ ਵਧਾ ਸਕਣ ਅਤੇ ਦੇਸ਼ ਦੇ ਨਿਰਮਾਣ ਵਿੱਚ ਹਿੱਸਾ ਪਾ ਸਕਣ। ਸਰਕਾਰ ਵੱਲੋਂ ਆਮ ਲੋਕਾਂ ਦੀ ਸੰਪੱਤੀ ਅਤੇ ਬੈਂਕਾਂ ਦਾ ਨਿੱਜੀਕਰਣ ਕਰਕੇ ਪ੍ਰਾਇਵੇਟ ਹੱਥਾਂ ਵਿੱਚ ਨਹੀਂ ਦਿੱਤੀ ਜਾ ਸਕਦੀ। ਇਸ ਮੌਕੇ ਤੇ ਗੌਤਮ ਮਹਿਤਾ, ਪ੍ਰੇਮ ਪਵਾਰ, ਐੱਸ ਕੇ ਵਸ਼ੀਨ ਨੇ ਵੀ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਰਕਾਰ ਸਰਵਜਨਕ ਖੇਤਰ ਦੇ ਬੈਂਕਾਂ ਨੂੰ ਮਜਬੂਤ ਕਰਨ ਦੀ ਬਜਾਏ ਨਿੱਜੀਕਰਣ ਲਿਆ ਕੇ ਰਾਸ਼ਟਰਕ੍ਰਿਤ ਬੈਂਕਾਂ ਨੂੰ ਸਮਾਪਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਵਜਨਕ ਬੈਂਕਾ ਨੂੰ ਮਜਬੂਤ ਕਰਨ ਦੀ ਮੰਗ ਕਰਦੇ ਹਾਂ। ਇਸ ਮੌਕੇ ਤੇ ਵੱਡੀ ਗਿਣਤੀ ਦੇ ਮਹਿਲਾਂ ਮੁਲਾਜ਼ਮਾਂ ਨੇ ਵੀ ਹੜਤਾਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਜਨ ਸਧਾਰਨ ਦੀ ਅਤੇ ਲੋਕਾਂ ਦੀ ਸੰਪੰਤੀ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਸੌਂਪੀ ਜਾ ਸਕਦੀ।