ਪਟਿਆਲਾ: ਪੰਜਾਬ ਸਰਕਾਰ ਵੱਲੋਂ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਵੱਲ ਵਧਾਏ ਗਏ ਕਦਮਾਂ ਨਾਲ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਵੀ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਗਈਆਂ ਹਨ, ਜਿਨ੍ਹਾਂ ਨੇ ਆਰਥਿਕ ਪੱਖੋਂ ਸਵੈ ਨਿਰਭਰ ਹੋਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਇਨ੍ਹਾਂ ਵਿੱਚੋਂ ਇੱਕ ਪਟਿਆਲਾ ਦੇ ਨੇੜਲੇ ਪਿੰਡ ਲਲੌਛੀ ਦੀ ਸਿਮਰਜੀਤ ਕੌਰ ਵੀ ਹੈ, ਜੋ ਕਿ ਪੇਂਡੂ ਸਵੈ ਰੋਜ਼ਗਾਰ ਸੰਸਥਾ ਜੱਸੋਵਾਲ ਤੋਂ ਜੂਟ ਬੈਗ ਦੀ ਇਕ ਮਹੀਨੇ ਦੀ ਸਿਖਲਾਈ ਲੈਣ ਉਪਰੰਤ ਸਫ਼ਲਤਾ ਨਾਲ ਜੂਟ ਤੋਂ ਵੱਖ-ਵੱਖ ਵਸਤਾਂ ਬਣਾਕੇ ਆਪਣੇ ਵਰਗੀਆਂ ਹੋਰਨਾਂ ਔਰਤਾਂ ਲਈ ਇੱਕ ਚਾਨਣ ਮੁਨਾਰਾ ਬਣੀ ਹੋਈ ਹੈ।
ਸਿਮਰਜੀਤ ਕੌਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸਨੂੰ ਰੇਡੀਉ ਤੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਲਈ ਲਗਾਏ ਜਾ ਰਹੇ ਕੈਂਪਾਂ ਸਬੰਧੀ ਜਾਣਕਾਰੀ ਮਿਲੀ ਤਾਂ ਕੈਂਪ 'ਚ ਜਾਕੇ ਉਸਨੂੰ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਬਾਰੇ ਜਾਣਕਾਰੀ ਮਿਲੀ, ਜੋ ਕਿ ਪਿੰਡਾਂ ਦੇ ਲੜਕੇ ਤੇ ਲੜਕੀਆਂ ਨੂੰ ਮੁਫ਼ਤ ਕੋਰਸ ਕਰਵਾਉਣ ਉਪਰੰਤ ਬੈਂਕ ਤੋਂ ਵਿੱਤੀ ਸਹਾਇਤਾ ਦਿਵਾਕੇ ਆਪਣਾ ਕੰਮ ਸ਼ੁਰੂ ਕਰਨ ਵਿਚ ਸਹਾਇਤਾ ਕਰਦੇ ਹਨ।
ਉਸਨੇ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਜੋ ਕਿ ਮਜ਼ਦੂਰੀ ਕਰਦੇ ਹਨ, ਨਾਲ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ, ਜੱਸੋਵਾਲ ਪਟਿਆਲਾ ਵਿਖੇ ਗਈ ਅਤੇ ਆਪਣੀ ਰੁਚੀ ਅਨੁਸਾਰ ਜੂਟ ਬੈਗ ਬਣਾਉਣ ਦੀ ਸਿਖਲਾਈ ਲਈ ਆਪਣਾ ਨਾਮ ਦਰਜ਼ ਕਰਵਾਇਆ। ਇਕ ਮਹੀਨੇ ਦੀ ਸਿਖਲਾਈ ਤੋਂ ਬਾਅਦ ਮੈਂ ਆਪਣੇ ਪਿੰਡ ਵਿਚ ਹੀ ਜੂਟ ਤੋਂ ਬੈਗ, ਫਾਈਲ ਕਵਰ ਆਦਿ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਮੈਂ ਲਗਭਗ 15 ਹਜ਼ਾਰ ਰੁਪਏ ਮਹੀਨਾ ਤੱਕ ਕਮਾਉਣ ਲੱਗੀ।
ਸਿਮਰਜੀਤ ਕੌਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਮੈਂ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹ ਕੰਮ ਸਿਖਾਉਣਾ ਸ਼ੁਰੂ ਕੀਤਾ ਹੈ, ਤੇ ਉਹ ਵੀ ਹੁਣ ਆਪਣਾ ਕਮਾਉਣ ਲੱਗੀਆਂ ਹਨ। ਉਸਨੇ ਆਰ ਸੇਟੀ ਪਟਿਆਲਾ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਯਤਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਨ੍ਹਾਂ ਸੰਸਥਾਵਾਂ ਤੋਂ ਮਿਲੇ ਸਹਿਯੋਗ ਸਦਕਾ ਮੈਂ ਅਤੇ ਮੇਰੇ ਵਰਗੀਆਂ ਹੋਰ ਕਿੰਨੀਆਂ ਹੀ ਔਰਤਾਂ ਸਵੈ ਰੋਜ਼ਗਾਰ ਦੇ ਕਾਬਲ ਹੋਕੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਨ ਦੇ ਕਾਬਲ ਹੋਈਆਂ ਹਨ।
ਫੋਟੋ ਕੈਪਸ਼ਨ-ਸਿਮਰਜੀਤ ਕੌਰ ਹੋਰਨਾਂ ਔਰਤਾਂ ਨੂੰ ਸਿਖਲਾਈ ਦਿੰਦੇ ਹੋਏ।