ਵਾਸ਼ਿੰਗਟਨ : ਅਮਰੀਕਾ ਤੇ ਕੈਨੇਡਾ ’ਚ ਕੜਾਕੇ ਦੀ ਠੰਢ ਤੇ ਬਰਫੀਲੇ ਤੂਫਾਨ ਦਾ ਕਹਿਰ ਜਾਰੀ ਹੈ। ਬਰਫ਼ੀਲੇ ਤੂਫ਼ਾਨ ਨਾਲ ਦੇਸ਼ ਦੇ 20 ਕਰੋੜ ਤੋਂ ਵਧ ਲੋਕਾਂ ਦਾ ਜੀਵਨ ਪ੍ਰਭਾਵਤ ਹੋਇਆ ਹੈ, ਹੁਣ ਤੱਕ ਤੂਫ਼ਾਨ ਨਾਲ ਜੁੜੀਆਂ ਘਟਨਾਵਾਂ ਵਿੱਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਨਿਊਯਾਰਕ, ਉਤਰੀ ਕੈਰੋਲੀਨਾ, ਬਰਜੀਨੀਅਰ ਅਤੇ ਟੇਨੇਸੀ ਵਿੱਚ ਹੈ। ਮਰਨ ਵਾਲੇ 38 ਵਿਅਕਤੀਆਂ ਵਿੱਚੋਂ 34 ਅਮਰੀਕਾ ਦੇ ਵਸਨੀਕ ਸਨ। ਮੀਡੀਆ ਰਿਪੋਰਟਾਂ ਮੁਤਾਬਕ 4 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ।
ਅਮਰੀਕਾ ’ਚ ਚਾਰ ਦਿਨ ਤੋਂ ਜਾਰੀ ਬਰਫ਼ਬਾਰੀ ਕਾਰਨ ਕਈ ਸ਼ਹਿਰਾਂ ਦੇ ਹਾਲਾਤ ਬਦਤਰ ਹੋ ਗਏ ਹਨ। ਲੋਕ ਘਰਾਂ, ਕਾਰਾਂ ਅਤੇ ਰੈਸਟੋਰੈਂਟਾਂ ਵਿੱਚ ਕਈ ਘੰਟਿਆਂ ਤੋਂ ਫ਼ਸੇ ਹੋਏ ਹਨ। ਸੜਕ, ਰੇਲ ਅਤੇ ਹਵਾਈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਚਾਰ ਦਿਨ ਵਿੱਚ ਅਮਰੀਕਾ ਵਿੱਚ 12 ਹਜ਼ਾਰ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੂਫ਼ਾਨ ਦਾ ਅਸਰ ਅਮਰੀਕਾ ਤੋਂ ਇਲਾਵਾ ਕੈਨੇਡਾ ਵਿੱਚ ਵੀ ਪਿਆ ਹੈ, ਜਿਥੇ ਭਾਰੀ ਬਰਫ਼ਬਾਰੀ ਕਾਰਨ ਬੱਸ ਤਿਲਕ ਕੇ ਪਲਟ ਗਈ ਅਤੇ ਇਸ ਹਾਦਸੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ। ਤੂਫ਼ਾਨ ਨਾਲ ਬਿਜਲੀ ਦੀਆਂ ਲਾਇਨਾਂ ਨੂੰ ਨੁਕਸਾਨ ਹੋਇਆ ਹੈ ਅਤੇ ਕਈ ਸ਼ਹਿਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਪੂਰੇ ਅਮਰੀਕਾ ਵਿੱਚ ਹਜ਼ਾਰਾਂ ਕਾਰੋਬਾਰੀਆਂ ਦਾ ਕੰਮਕਾਜ਼ ਠੱਪ ਹੋ ਗਿਆ ਹੈ। ਕਈ ਸ਼ਹਿਰਾਂ ਵਿੱਚ ਤਾਪਮਾਨ ਸਿਫ਼ਰ ਤੋਂ -42 ਡਿਗਰੀ ਤੱਕ ਪਹੁੰਚ ਗਿਆ ਹੈ।
ਉਧਰ ਕੈਨੇਡਾ ਵਿੱਚ ਤੂਫ਼ਾਨ ਨਾਲ 4 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੈਕਸੀਕੋ ਵਿੱਚ ਵੀ ਤੂਫ਼ਾਨ ਦਾ ਅਸਰ ਦੇਖਿਆ ਜਾ ਰਿਹਾ ਹੈ।
ਉਧਰ ਅਮਰੀਕਾ ਦੇ ਕਈ ਪੂਰਬੀ ਰਾਜਾਂ ਵਿੱਚ ਕ੍ਰਿਸਮਸ ਦੀ ਸਵੇਰ ਨੂੰ 200, 000 ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਜਾਗੇ ਰਹੇ। ਇਸ ਦੌਰਾਨ ਕਈ ਲੋਕਾਂ ਨੇ ਆਪਣੀ ਛੁੱਟੀਆਂ ਦੀ ਯਾਤਰਾ ਲਈ ਯੋਜਨਾਵਾਂ ਬਣਾਈਆਂ, ਜੋ ਤੂਫਾਨ ਕਾਰਨ ਪੂਰੀ ਨਹੀਂ ਹੋ ਸਕੀਆਂ ।
ਬਫੇਲੋ ਵਿੱਚ ਕੈਨੇਡੀਅਨ ਸਰਹੱਦ ਦੇ ਪਾਰ ਇੱਕ ਜੋੜੇ ਨੇ ਬੀਤੇ ਦਿਨ ਮੀਡੀਆ ਨੂੰ ਦੱਸਿਆ ਕਿ ਸੜਕਾਂ ਪੂਰੀ ਤਰ੍ਹਾਂ ਅਯੋਗ ਹੋਣ ਕਾਰਨ ਉਹ ਕ੍ਰਿਸਮਸ ਲਈ ਆਪਣੇ ਪਰਿਵਾਰ ਨੂੰ ਦੇਖਣ ਲਈ 10 ਮਿੰਟ ਦੀ ਡਰਾਈਵ ਨਹੀਂ ਕਰ ਸਕੇ।
ਇਸੇ ਤਰ੍ਹਾਂ ਕਾਉਂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੇ ਸਬਸਟੇਸ਼ਨਾਂ ਦੇ ਜੰਮ ਜਾਣ ਕਾਰਨ ਮੰਗਲਵਾਰ ਤੱਕ ਬਿਜਲੀ ਬਹਾਲ ਹੋਣ ਦੀ ਉਮੀਦ ਨਹੀਂ ਸੀ । ਉਨ੍ਹਾਂ ਕਿਹਾ ਕਿ ਇੱਕ ਸਬ ਸਟੇਸ਼ਨ 18 ਫੁੱਟ ਬਰਫ ਹੇਠਾਂ ਦੱਬਿਆ ਹੋਇਆ ਹੈ ।
ਦੱਸਣਾ ਬਣਦਾ ਹੈ ਕਿ ਇਸ ਸਾਲ ਅਮਰੀਕਾ ਵਿੱਚ ਕੜਾਕੇ ਦੀ ਠੰਡ ਅਤੇ ਬਰਫਬਾਰੀ ਦਾ ਕਹਿਰ ਹੈ । ਸਰਦੀਆਂ ਦੇ ਬਰਫੀਲੇ ਤੂਫਾਨ ਨੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ ਹਾਈਵੇਅ ਬੰਦ ਹੋ ਗਏ, ਉਡਾਣਾਂ ਬੰਦ ਹੋ ਗਈਆਂ ਅਤੇ ਇਹ ਖਤਰਨਾਕ ਮੌਸਮ ਕ੍ਰਿਸਮਸ ਯਾਤਰੀਆਂ ਲਈ ਵੀ ਮੁਸੀਬਤ ਬਣ ਗਿਆ । ਰਿਪੋਰਟਾਂ ਮੁਤਾਬਕ ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਦੀ ਚਿਤਾਵਨੀ ਦੇ ਅਧੀਨ ਹੈ । ਰਾਸ਼ਟਰੀ ਮੌਸਮ ਸੇਵਾ (ਐਨਡਬਲਯੂਐਸ) ਨੇ ਅਲਰਟ ਜਾਰੀ ਕੀਤਾ ਹੈ।