ਰੋਮ: ਭਾਰਤ ਵਿੱਚ ਹੁਣ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਵੱਧ ਰਹੇ ਕੇਸਾਂ ਦੇ ਮੱਦੇਨਜਰ ਜਿੱਥੇ ਯੂਰਪ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਨਵੇਂ ਯਾਤਰੀਆਂ ’ਤੇ ਪਾਬੰਦੀ ਲਾਈ ਹੋਈ ਹੈ, ਉਥੇ ਹੀ ਹੁਣ ਇਟਲੀ ਸਰਕਾਰ ਵੱਲੋਂ ਵੀ ਭਾਰਤ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਲਈ ਆਰਜ਼ੀ ਤੌਰ ’ਤੇ 14 ਦਿਨ ਲਈ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪੇਰੰਜਾ ਵੱਲੋਂ ਸੋਸਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਦੇ ਕਾਰਨ ਸਾਨੂੰ ਇਹ ਪਾਬੰਦੀ ਲਗਾਉਣੀ ਪੈ ਰਹੀ ਹੈ, ਪਰ ਜਿਹੜੇ ਨਾਗਰਿਕ ਇਟਲੀ ਦੇ ਨਿਵਾਸੀ ਹਨ, ਉਨ੍ਹਾਂ ਨੂੰ ਕੋਈ ਰੋਕ ਨਹੀਂ ਹੈ, ਉਹ ਇਟਲੀ ਵਾਪਸ ਆ ਸਕਦੇ ਹਨ। ਇਸ ਦੇ ਲਈ ਉਨ੍ਹਾਂ ਕੋਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ। ਭਾਰਤ ਤੋਂ ਇਟਲੀ ਪਹੁੰਚ ਕੇ 14 ਦਿਨਾਂ ਲਈ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ, ਕਿਉਂਕਿ ਭਾਰਤ ਵਿੱਚ 24 ਅਪ੍ਰੈਲ ਨੂੰ ਸਾਢੇ ਤਿੰਨ ਲੱਖ ਦੇ ਕਰੀਬ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸਨ, ਜਿਹੜਾ ਕਿ ਇੱਕ ਦਿਨ ਦਾ ਪੂਰੀ ਦੁਨੀਆ ਭਰ ਵਿੱਚ ਹੁਣ ਤੱਕ ਦੇ ਪਹਿਲੇ ਦਰਜੇ ਦਾ ਰਿਕਾਰਡ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਦਿਨ-ਰਾਤ ਇਸ ਮਹਾਮਾਰੀ ’ਤੇ ਕਾਬੂ ਪਾਉਣ ਵਿੱਚ ਲੱਗੀ ਹੋਈ ਹੈ। ਇਟਲੀ ਸਰਕਾਰ ਹੁਣ ਕਿਸੇ ਕਿਸਮ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ।