ਕਾਬੁਲ: ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਸਾਰਾ ਸੰਸਾਰ ਦੇਖ ਰਿਹਾ ਹੈ ਕਿ ਇਹ ਕਦੋਂ ਸਰਕਾਰ ਬਣਾਉਣਗੇੇ ਤੇ ਰਾਸ਼ਟਰਪਤੀ ਕਿਸ ਨੂੰ ਬਣਾਇਆ ਜਾਵੇਗਾ। ਉਧਰ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸ਼ਕਤੀ ਪ੍ਰਦਰਸ਼ਨ ਦੇ ਦਮ ’ਤੇ ਹਕੂਮਤ ਚਲਾਉਣ ਦੀ ਪਿਛਲੀ ਭੁੱਲ ਨਾ ਦੁਹਰਾਉਂਦੇ ਹੋਏ ਤਾਲਿਬਾਨ ਆਗੂਆਂ ਨੇ ਰਾਜਨੀਤਿਕ ਮੇਲ-ਮਿਲਾਪ ਦਾ ਸੰਕੇਤ ਦਿੱਤਾ ਹੈ। ਇਸੇ ਕਵਾਇਦ ’ਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਆਗੂ ਅਨਸ ਹੱਕਾਨੀ ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਦੇਸ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਅਬਦੁੱਲਾ ਅਬਦੁੱਲਾ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਨੇਤਾ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਭਾਵੇਂ ਹੀ ਉਨ੍ਹਾਂ ਨੇ ਬੇਹੱਦ ਥੋੜੇ ਸਮੇਂ ’ਚ ਪੂਰੇ ਦੇਸ਼ ’ਚ ਆਪਣਾ ਸਿੱਕਾ ਜਮਾ ਲਿਆ ਹੈ, ਪਰ ਦੇਸ਼ ਵਿੱਚ ਤਮਾਮ ਧਾਰਮਿਕ, ਜਾਤੀ ਸਮੂਹਾਂ ਨੂੰ ਨਾਲ ਲੈ ਕੇ ਚੱਲੇ ਬਿਨਾਂ ਉਨ੍ਹਾਂ ਦਾ ਰਾਹ ਆਸਾਨ ਨਹੀਂ ਹੋਵੇਗਾ। ਤਾਲਿਬਾਨ ਦੇ ਸਿਆਸੀ ਆਗੂ ਅਫ਼ਗਾਨਿਸਤਾਨ ਵਿੱਚ ਪਿਛਲੇ 20 ਸਾਲਾਂ ਦੌਰਾਨ ਸੱਤਾ ਵਿੱਚ ਅਹਿਮ ਅਹੁਦਿਆਂ ’ਤੇ ਰਹੇ ਆਗੂਆਂ ਨੂੰ ਮਿਲੇ ਹਨ ਅਤੇ ਆਪਣੀ ਰਾਜਨੀਤਿਕ ਪੈਂਠ ਵਧਾਉਣ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਤਾਲਿਬਾਨ ਨੇ ਮਹਿਲਾਵਾਂ ਪ੍ਰਤੀ ਆਪਣੇ ਰੁਖ਼ ਵਿੱਚ ਨਰਮੀ ਦੇ ਵੀ ਸੰਕੇਤ ਦਿੱਤੇ ਹਨ।
ਤਾਲਿਬਾਨ ਦੇ ਵੱਡੇ ਆਗੂ ਮੁੱਲਾ ਅਬਦੁੱਲਾ ਗਨੀ ਬਰਾਦਰ ਵੀ ਕਤਰ ਦੀ ਰਾਜਧਾਨੀ ਦੋਹਾ ਤੋਂ ਕਾਬੁਲ ਪਹੁੰਚ ਚੁੱਕੇ ਹਨ, ਉਨ੍ਹਾਂ ਦਾ ਤਾਲਿਬਾਨ ਵੱਲੋਂ ਜ਼ਬਰਦਸਤ ਸਵਾਗਤ ਕੀਤਾ ਗਿਆ ਹੈ। ਤਾਲਿਬਾਨ ਆਗੂ ਅਗਲੇ ਕੁਝ ਦਿਨਾਂ ਵਿੱਚ ਅੰਤਰਿਮ ਸਰਕਾਰ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਅਨੁਸਾਰ ਮੁੱਲਾ ਬਰਾਦਰ ਨੂੰ ਅਫ਼ਗਾਨਿਸਤਾਨ ਦਾ ਅਗਲਾ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ।
ਦੂਜੇ ਪਾਸੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਵੱਲੋਂ ਥਾਂ-ਥਾਂ ’ਤੇ ਲੱਗੇ ਅਫ਼ਗਾਨ ਝੰਡੇ ਉਤਾਰ ਕੇ ਉਨ੍ਹਾਂ ਦੀ ਬਜਾਏ ਆਪਣੀ ਜਥੇਬੰਦੀ ਦੇ ਝੰਡੇ ਲਹਿਰਾਏ ਜਾ ਰਹੇ ਹਨ। ਇਸ ਤਬਦੀਲੀ ਦਾ ਅਫ਼ਗਾਨ ਨਾਗਰਿਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੁਪਹਿਰ ਜਲਾਲਾਬਾਦ ਸ਼ਹਿਰ ਦੇ ਵਸਨੀਕਾਂ ਨੇ ਇਕ ਮੀਨਾਰ ’ਤੇ ਤਾਲਿਬਾਨ ਦਾ ਝੰਡਾ ਉਤਾਰ ਕੇ ਉਸ ਦੀ ਥਾਂ ’ਤੇ ਅਫ਼ਗਾਨ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਸਥਾਨਕ ਅਫ਼ਗਾਨ ਨਾਗਰਿਕਾਂ ਨੇ ਸੜਕਾਂ ’ਤੇ ਭਾਰੀ ਜਲੂਸ ਕੱਢਦਿਆਂ ਮੰਗ ਕੀਤੀ ਕਿ ਸਰਕਾਰੀ ਤੇ ਗੈਰ-ਸਰਕਾਰੀ ਦਫ਼ਤਰਾਂ ’ਤੇ ਤਾਲਿਬਾਨ ਦੇ ਝੰਡੇ ਦੀ ਬਜਾਏ ਅਫ਼ਗਾਨ ਝੰਡਾ ਲਹਿਰਾਇਆ ਜਾਵੇ।
ਲੋਕਾਂ ਨੇ ਆਪਣੇ ਹੱਥਾਂ ’ਚ ਅਫ਼ਗਾਨ ਝੰਡੇ ਲੈ ਕੇ ਮਾਰਚ ਕੀਤਾ ਅਤੇ ਤਾਲਿਬਾਨ ਵੱਲੋਂ ਕੀਤੀ ਤਬਦੀਲੀ ਦੇ ਵਿਰੋਧ ’ਚ ਨਾਅਰੇਬਾਜ਼ੀ ਵੀ ਕੀਤੀ।
ਉਕਤ ਤੋਂ ਇਲਾਵਾ ਅਸਦਾਬਾਦ ਸ਼ਹਿਰ ’ਚ ਵੀ ਉੱਥੋਂ ਦੇ ਸਥਾਨਕ ਲੋਕਾਂ ਨੇ ਅਫ਼ਗਾਨ ਝੰਡੇ ਹੱਥਾਂ ’ਚ ਲੈ ਕੇ ਪ੍ਰਦਰਸ਼ਨ ਕੀਤਾ। ਇਸ ਨੂੰ ਲੈ ਕੇ ਤਾਲਿਬਾਨ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਤਿੰਨ ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 12 ਜ਼ਖ਼ਮੀ ਹੋ ਗਏ ।