ਨਵਾਂਸ਼ਹਿਰ:ਜ਼ਿਲ੍ਹੇ ਦੇ ਤਿੰਨਾਂ ਵਿਧਾਨ ਹਲਕਿਆਂ ਬੰਗਾ-046, ਨਵਾਂਸ਼ਹਿਰ-047 ਅਤੇ ਬਲਾਚੌਰ-048 ਵਿੱਚ ਅੱਜ ਵੋਟਾਂ ਦੀ ਗਿਣਤੀ ਦਾ ਕੰਮ ਨਿਰਵਿਘਨ ਤੇ ਸ਼ਾਂਤੀਪੂਰਵਕ ਮੁਕੰਮਲ ਕਰ ਲਿਆ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਅਨੁਸਾਰ ਬੰਗਾ ਤੋਂ ਡਾ. ਸੁਖਵਿੰਦਰ ਕੁਮਾਰ ਸੁੱਖੀ, ਨਵਾਂਸ਼ਹਿਰ ਤੋਂ ਡਾ. ਨਛੱਤਰ ਪਾਲ ਤੇ ਬਲਾਚੌਰ ਤੋਂ ਸੰਤੋਸ਼ ਕੁਮਾਰੀ ਕਟਾਰੀਆ ਜੇਤੂ ਐਲਾਨੇ ਗਏ।
ਉਨ੍ਹਾਂ ਨੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਨੇਪਰੇ ਚੜ੍ਹਾਉਣ ਵਿੱਚ ਸਿਆਸੀ ਪਾਰਟੀਆਂ ਤੇ ਨੁਮਾਇੰਦਿਆਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ।
ਜੇਤੂ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦਿਆਂ ਐਸ ਡੀ ਐਮ-ਕਮ- ਰਿਟਰਨਿੰਗ ਅਫ਼ਸਰ ਬੰਗਾ-046 ਨਵਨੀਤ ਕੌਰ ਬੱਲ ਨੇ ਦੱਸਿਆ ਕਿ ਬੰਗਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ 37338 ਵੋਟਾਂ ਲੈ ਕੇ ਜੇਤੂ ਰਹੇ। ਹੋਰਨਾਂ ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਨੂੰ 32020, ਇੰਡੀਅਨ ਨੈਸ਼ਨਲ ਕਾਂਗਰਸ ਦੇ ਤਰਲੋਚਨ ਸਿੰਘ ਨੂੰ 32269, ਹੋਰਨਾਂ ਉਮੀਦਵਾਰਾਂ ’ਚ ਕਮਿਊਨਿਸਟ ਪਾਰਟੀ ਦੇ ਪੋਲ ਰਾਮ ਨੂੰ 631, ਭਾਰਤੀ ਜਨਤਾ ਪਾਰਟੀ ਦੇ ਮੋਹਨ ਲਾਲ ਬਹਿਰਾਮ ਨੂੰ 3974, ਅਜ਼ਾਦ ਸਮਾਜ ਪਾਰਟੀ ਦੇ (ਕਾਂਸ਼ੀ ਰਾਮ) ਕਿ੍ਰਸ਼ਨ ਲਾਲ ਨੂੰ 584, ਸ੍ਰੋਮਣੀ ਅਕਾਲੀ ਦਲ (ਅਮਿ੍ਰਤਸਰ) ਦੇ ਮੱਖਣ ਸਿੰਘ ਤਾਹਿਰਪੁਰੀ (ਸਵਰਗੀ) ਨੂੰ 1097, ਆਜ਼ਾਦ ਉਮੀਦਵਾਰਾਂ ਮਨਜੀਤ ਸਿੰਘ ਭੰਗਲ ਨੂੰ 544 ਅਤੇ ਰਾਜ ਕੁਮਾਰ ਮਾਹਲ ਖੁਰਦ ਨੂੰ 5840 ਵੋਟਾਂ ਪਈਆਂ ਜਦਕਿ 1004 ਮਤਦਾਤਾਵਾਂ ਨੇ ਨੋਟਾ ਦਾ ਬਟਨ ਦਬਾਇਆ।
ਨਵਾਂਸ਼ਹਿਰ-047 ਦੇ ਐਸ ਡੀ ਐਮ-ਕਮ-ਰਿਟਰਨਿੰਗ ਅਫ਼ਸਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਵਾਂਸ਼ਹਿਰ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਨਛੱਤਰ ਪਾਲ 37031 ਵੋਟਾਂ ਲੈ ਕੇ ਜੇਤੂ ਰਹੇ। ਹੋਰਨਾਂ ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਦੇ ਲਲਿਤ ਮੋਹਨ ਬੱਲੂ ਨੂੰ 31655 ਵੋਟਾਂ ਪਈਆਂ ਜਦਕਿ ਆਜ਼ਾਦ ਉਮੀਦਵਾਰ ਅੰਗਦ ਸਿੰਘ ਨੂੰ 31516 ਵੋਟਾਂ ਮਿਲੀਆਂ। ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸਤਿਬੀਰ ਸਿੰਘ ਪੱਲੀ ਝਿੱਕੀ ਨੂੰ 6998 ਵੋਟਾਂ, ਭਾਰਤੀ ਜਨਤਾ ਪਾਰਟੀ ਦੀ ਪੂਨਮ ਮਾਣਿਕ ਨੂੰ 3226, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਸੁਰਿੰਦਰ ਸਿੰਘ ਨੂੰ 1075, ਸ੍ਰੋਮਣੀ ਅਕਾਲੀ ਦਲ (ਅਮਿ੍ਰਤਸਰ) ਦੇ ਦਵਿੰਦਰ ਸਿੰਘ ਨੂੰ 5037, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪਰਮਜੀਤ ਸਿੰਘ ਨੂੰ 505, ਆਜ਼ਾਦ ਉਮੀਦਵਾਰਾਂ ਸੰਨੀ ਸਿੰਘ ਜਾਫ਼ਰਪੁਰ ਨੂੰ 476 ਅਤੇ ਕੁਲਦੀਪ ਸਿੰਘ ਬਾਜੀਦਪੁਰ ਨੂੰ 5706 ਵੋਟਾਂ ਮਿਲੀਆਂ ਜਦਕਿ ਨੋਟਾ ਦਾ ਬਟਨ 643 ਵੋਟਰਾਂ ਨੇ ਦਬਾਇਆ।
ਬਲਾਚੌਰ-048 ਦੇ ਐਸ ਡੀ ਐਮ-ਕਮ-ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ ਨੇ ਦੱਸਿਆ ਕਿ ਬਲਾਚੌਰ ਵਿੱਚ ਜੇਤੂ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ ਨੂੰ 39633 ਵੋਟਾਂ ਮਿਲੀਆਂ। ਹੋਰਨਾਂ ਉਮੀਦਵਾਰਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ 35092, ਇੰਡੀਅਨ ਨੈਸ਼ਨਲ ਕਾਂਗਰਸ ਦੇ ਦਰਸ਼ਨ ਲਾਲ ਨੂੰ 31201, ਭਾਰਤੀ ਜਨਤਾ ਪਾਰਟੀ ਦੇ ਅਸ਼ੋਕ ਬਾਠ ਨੂੰ 5566, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਪ੍ਰੇਮ ਚੰਦ ਨੂੰ 920, ਆਜ਼ਾਦ ਉਮੀਦਵਾਰਾਂ ’ਚ ਸਤਪਾਲ ਨੂੰ 308, ਦਲਜੀਤ ਸਿੰਘ ਬੈਂਸ ਨੂੰ 1565 ਵੋਟਾਂ ਮਿਲੀਆਂ। ਨੋਟਾ ਦਾ ਬਟਨ 679 ਵੋਟਰਾਂ ਨੇ ਦਬਾਇਆ।
ਡਿਪਟੀ ਕਮਿਸ਼ਨਰ ਜਿਨ੍ਹਾਂ ਅੱਜ ਐਸ ਐਸ ਪੀ ਕੰਵਰਦੀਪ ਕੌਰ ਤੇ ਹੋਰਨਾਂ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਗਿਣਤੀ ਪ੍ਰਕਿਰਿਆ ਵਿੱਚ ਲੱਗੇ ਸਮੁੱਚੇ ਸਟਾਫ਼ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੇ ਪਹਿਲਾਂ ਸ਼ਾਂਤੀਪੂਰਣ ਮਤਦਾਨ ਅਤੇ ਹੁਣ ਨਿਰਵਿਘਨ ਗਿਣਤੀ ਪ੍ਰਕਿਰਿਆ ਮੁਕੰਮਲ ਕਰਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ।