ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਈ ਟੀ ਟੀ ਟੀਚਰਜ਼ ਯੂਨੀਅਨ ਨਾਲ ਮੀਟਿੰਗ ਵਿਚ ਸਾਰੇ ਸਰਕਾਰੀ ਮੁਲਾਜ਼ਮਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਵਿਚ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਦ ਦੇ ਕੀਤੇ ਦਾਅਵੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਮੰਤਰੀ ਨੇ ਈ ਟੀ ਟੀ ਯੂਨੀਅਨ ਦੀ ਜਲੰਧਰ ਵਿਚ ਕਨਵੈਨਸ਼ਨ ਨੂੰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਵਿਚ ਬਦਲ ਦਿੱਤਾ। ਉਹਨਾਂ ਕਿਹਾ ਕਿ ਮੰਤਰੀ ਅਜਿਹੇ ਪ੍ਰੋਗਰਾਮਾਂ ਦੀ ਪ੍ਰਧਾਨਗੀ ਨਹੀਂ ਕਰ ਸਕਦਾ ਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਦੀ ਯੂਨੀਅਨ ਦੀ ਹਮਾਇਤ ਦਾ ਦਾਅਵਾ ਕਰ ਸਕਦਾ ਹੈ।
ਚੋਣ ਕਮਿਸ਼ਨ ਨੂੰ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦਿਆਂ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਰੋਜ਼ਾਨਾ ਆਧਾਰ ’ਤੇ ਬਿਨਾਂ ਕਿਸੇ ਰੁਕਾਵਟ ਦੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਪੰਚਾਇਤੀ ਰਾਜ ਅਫਸਰ ਜੀ ਐਸ ਰੰਧਾਵਾ ਨੇ ਆਦਮਪੁਰ ਬਲਾਕ ਪੇਂਡੂ ਵਿਕਾਸ ਅਫਸਰ ਦਫਤਰ ਵਿਚ ਸਰਪੰਚਾਂ ਦੀ ਮੀਟਿੰਗ ਕੀਤੀ ਸੀ ਤੇ ਸਰਪੰਚਾਂ ਨੂੰ ਧਮਕੀ ਦਿੱਤੀ ਸੀ ਕਿ ਜਾਂ ਤਾਂ ਉਹ ਆਪ ਉਮੀਦਵਾਰ ਦੇ ਹੱਕ ਵਿਚ ਵੋਟਾਂ ਪੈਣੀਆਂ ਯਕੀਨੀ ਬਣਾਉਣ ਜਾਂ ਫਿਰ ਮੁਅੱਤਲੀ ਤੇ ਫੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਉਹਨਾਂ ਕਿਹਾ ਕਿ ਇਸਦੀ ਸ਼ਿਕਾਇਤ ਹਾਲੇ ਵੀ ਚੋਣ ਕਮਿਸ਼ਨ ਕੋਲ ਪੈਂਡਿੰਗ ਪਈ ਹੈ।ਐਡਵੋਕੇਟ ਕਲੇਰ ਨੇ ਦੱਸਿਆ ਕਿ ਆਪ ਸਰਕਾਰ ਮੈਡੀਕਲ ਸਟੋਰ ਮਾਲਕਾਂ ਦੇ ਮਠਿਆਈਆਂ ਦੇ ਦੁਕਾਨਾਂ ਦੇ ਮਾਲਕਾਂ ’ਤੇ ਵੀ ਦਬਾਅ ਬਣਾ ਰਹੀ ਹੈ ਕਿ ਉਹ ਆਪ ਉਮੀਦਵਾਰ ਦੇ ਹੱਕ ਵਿਚ ਵੋਟਾਂ ਪੈਣੀਆਂ ਯਕੀਨੀ ਬਣਾਉਣ ਜਾਂ ਫਿਰ ਉਹਨਾਂ ਦੇ ਠਿਕਾਣਿਆਂ ’ਤੇ ਛਾਪੇ ਮਾਰੇ ਜਾਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਆਪ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਫੁੱਲ ਪੇਜ ਇਸ਼ਤਿਹਾਰ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਇਹੀ ਨਹੀਂ ਜਲੰਧਰ ਪਾਰਲੀਮਾਨੀ ਹਲਕੇ ਵਿਚ ਆਪ ਦੇ ਬੈਨਰ ਤੇ ਹੋਰਡਿੰਗ ਲਗਾਏ ਗਏ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ।
______/