ਚੋਣ ਸੂਚੀਆਂ ‘ਚੋਂ ਬਾਹਰ ਹੋਏ ਅਧਿਆਪਕਾਂ ਦੇ ਹੱਕ ਵਿੱਚ ਪਹਿਰਾ ਦਿੱਤਾ ਜਾਵੇਗਾ : ਡੀਟੀਐੱਫ
ਕਿਸੇ ਵੀ ਅਧਿਆਪਕ ਦੀ ਨੌਕਰੀ ਖੁੱਸਣ ਨਹੀਂ ਦਿੱਤੀ ਜਾਵੇਗੀ: ਡੀਟੀਐੱਫ
ਚੰਡੀਗੜ੍ਹ, : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਪੂਰੀ ਹੋ ਚੁੱਕੀ ਭਰਤੀ ਦੇ 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀਆਂ ਚੋਣ ਸੂਚੀਆਂ ਮੁੜ ਸੋਧੀਆਂ ਗਈਆਂ ਜਿਸ ਨਾਲ 100 ਤੋਂ ਵਧੇਰੇ ਅਧਿਆਪਕਾਂ ਨੂੰ ਸੋਧੀਆਂ ਸੂਚੀਆਂ ਵਿੱਚ ਚੋਣ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਨਾਲ ਇੰਨ੍ਹਾਂ ਅਧਿਆਪਕਾਂ ਅਤੇ ਇੰਨ੍ਹਾਂ ਨਾਲ ਸਬੰਧਤ ਪਰਿਵਾਰਾਂ ਨੂੰ ਮਾਨਸਿਕ ਤਣਾਅ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ 4 ਮਈ ਨੂੰ ਅਧਿਆਪਕ ਮੰਗਾਂ ਨੂੰ ਲੈ ਕੇ ਡੀ ਟੀ ਐੱਫ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਚਿਤਾਵਨੀ ਮਾਰਚ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਬਾਕੀ ਅਧਿਆਪਕ ਮੰਗਾਂ ਦੇ ਨਾਲ ਨਾਲ ਸੋਧੀਆਂ ਸੂਚੀਆਂ ਵਿੱਚੋਂ ਮੈਰਿਟ ਤੋਂ ਬਾਹਰ ਹੋਏ ਅਧਿਆਪਕਾਂ ਦਾ ਮਸਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।
ਆਗੂਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 899 ਅੰਗਰੇਜ਼ੀ ਵਿਸ਼ੇ ਦੀ ਭਰਤੀ ਅਧੀਨ ਆਪਣਾ ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਅਧਿਆਪਕਾਂ ਦੀਆਂ ਚੋਣ ਸੂਚੀਆਂ ਮੁੜ ਸੋਧੀਆਂ ਗਈਆਂ ਹਨ। ਇੰਨ੍ਹਾਂ ਸੋਧੀਆਂ ਸੂਚੀਆਂ ਵਿੱਚ 100 ਤੋਂ ਵਧੇਰੇ ਅਧਿਆਪਕਾਂ ਨੂੰ ਚੋਣ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨਾਲ ਇੰਨ੍ਹਾਂ ਅਧਿਆਪਕਾਂ ਦੀ ਨੌਕਰੀ ਨੂੰ ਖਤਰੇ ਵਿੱਚ ਪਾਇਆ ਗਿਆ ਹੈ। ਪਹਿਲਾਂ ਵੀ 3704 ਭਰਤੀ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਸੋਧੀਆਂ ਚੋਣ ਸੂਚੀਆਂ ਵਿੱਚ ਚੋਣ ਤੋਂ ਬਾਹਰ ਕੀਤਾ ਗਿਆ ਸੀ ਅਤੇ ਅਧਿਆਪਕਾਂ ਨੂੰ ਸੇਵਾਵਾਂ ਖਤਮ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ, ਪਰ ਬਾਅਦ ਵਿੱਚ ਉਹ ਨੋਟਿਸ ਵਾਪਸ ਲੈ ਲਏ ਗਏ ਸਨ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਨੂੰ ਬੰਦ ਕੀਤੇ ਜਾਣ ਦਾ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਬਾਅਦ ਅਧਿਆਪਕਾਂ ਦੀ ਨੌਕਰੀ ‘ਤੇ ਤਲਵਾਰ ਲਟਕਾਉਣਾ ਪੰਜਾਬ ਸਰਕਾਰ ਦਾ ਬੇਇਨਸਾਫ਼ੀ ਵਾਲਾ ਫੈਸਲਾ ਹੈ ਅਤੇ ਹੁਣ ਇੰਨ੍ਹਾਂ ਅਧਿਆਪਕਾਂ ਨੂੰ ਵਿਭਾਗ ਵੱਲੋਂ ਅਡਜਸਟ ਕੀਤਾ ਜਾਣਾ ਚਾਹੀਦਾ ਹੈ। ਡੀਟੀਐੱਫ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਭਰਤੀਆਂ ਨਾਲ ਸਬੰਧਤ ਸੋਧੀਆਂ ਸੂਚੀਆਂ ਰਾਹੀਂ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੋਈ ਸੁਹਿਰਦ ਕਦਮ ਨਾ ਚੁੱਕੇ ਜਾਣ ‘ਤੇ ਪ੍ਰਸ਼ਨ ਉਠਾਇਆ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਤੇ ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ, ਸੂਬਾਈ ਆਗੂਆਂ ਸੁਖਦੇਵ ਡਾਨਸੀਵਾਲ ਅਤੇ ਤਜਿੰਦਰ ਕਪੂਰਥਲਾ ਨੇ ਐਲਾਨ ਕੀਤਾ ਕਿ ਡੀ ਟੀ ਐੱਫ ਵੱਲੋਂ ਪੰਜਾਬ ਸਰਕਾਰ ਦੁਆਰਾ ਚਾਰ ਸਾਲ ਬਾਅਦ ਸੋਧ ਕੇ ਜਾਰੀ ਕੀਤੀਆਂ ਗਈਆਂ ਚੋਣ ਸੂਚੀਆਂ ‘ਚੋਂ ਬਾਹਰ ਹੋਏ ਅਧਿਆਪਕਾਂ ਦੇ ਹੱਕ ਵਿੱਚ ਪਹਿਰਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਦੀ ਨੌਕਰੀ ਖੁੱਸਣ ਨਹੀਂ ਦਿੱਤੀ ਜਾਵੇਗੀ।